ਤੇਰੀ ਅੱਖਾਂ ਵਿੱਚ ਤਕਦਿਆਂ ਹੀ,
ਤੇਰੀ ਦਿੱਤੀ ਕਸਮ ਟੁੱਟ ਜਾਂਦੀ ਏ....
ਇਉਂ ਜਿਵੇਂ ਚਿਰਾਂ ਤੋਂ ਥੰਮੇ ਹੰਝੂ,
ਮੀਂਹ ਬਣ ਵਰ ਜਾਂਦੇ ਨੇ।
ਤੂੰ ਜਾਣਦੇ ...?
ਤੇਰੀ ਦੀਦ ਰੂਹ ਨੂੰ ਏਦਾਂ ਰਹਿੰਦੀ ਏ,
ਜਿਵੇਂ ਪਪੀਹੇ ਨੂੰ ਸਵਾਂਤੀ ਬੁੰਦ ਦੀ,
ਜਿਵੇਂ ਪਤਝੜ ਤੋਂ ਬਾਅਦ,
ਫੁੱਲਾਂ ਨੂੰ ...
ਬਸੰਤ ਰੁੱਤ ਦੀ....।
ਅੱਜ ਤੂੰ ਤੇ ਅਸਮਾਨ ,
ਦੋਵੇਂ ਇੱਕੋ ਜਿਹੇ ਹੀ ਲਗਦੇ ਸੀ ਮੈਨੂੰ,
ਸ਼ਾਂਤ ਜਿਹੇ,
ਚਮਕਦੇ ਤਾਰਿਆਂ ਨਾਲ ਘਿਰੇ,
ਅੰਦਰੋਂ ਹੀ ਮੈਨੂੰ ਬਾਤਾਂ ਪਾਉਂਦੇ ਜਾਪਦੇ।
ਤੂੰ ਅਕਸਰ ਮੇਰੇ ਤੇ ਗੁੱਸਾ ਕਰਦਾ ,
ਲੜਦਾ ਵੀ ,
ਹਾਂ.... ਗੁੱਸੇ ਨੂੰ ਪੀ ਕੇ,
ਠੰਡਾ ਵੀ ਹੋ ਜਾਂਦਾ ਏ,
ਜਿਵੇਂ ਠੰਡੇ ਬਰਫੀਲੇ ਪਾਣੀ ਵਿੱਚ ਪਿਆ
ਕੋਈ ਸਦੀਆਂ ਪੁਰਾਣਾ ਪੱਥਰ ਵੀ,
ਹਾਂ... ਬਹੁਤ ਸਮਝਦਾਰ ਵੀ ਏ,
ਮੇਰੇ ਅੰਦਰ ਦੀ ਵਾਅ ਵਰੋਲਿਆਂ ਨੂੰ ਵੀ ਬਾਖੂਬੀ ਸਮਝ ਜਾਂਦਾ ਏ,
ਕਦੇ ਕਦੇ ਨਿੱਕੇ ਬੱਚੇ ਵਾਂਗ ਵੀ ਹੋ ਜਾਂਦਾ ਏ,
ਪਰ ਅਕਸਰ ਮੈਂ ਪਰਖ ਤੋਂ ਹਾਰ ਜਾਂਦੀ ਆ।
ਤੂੰ ਓਸ ਸੂਰਜ ਵਾਂਗ ਆ
ਜੋ ਅਕਸਰ ਸਬ ਨੂੰ ਰੁਸ਼ਨਾਉਂਦਾ ਆ,
ਪਰ ਗੁੱਸਾ ਨਾ ਕਰਿਆ ਕਰ,
ਤੈਨੂੰ ਪਤਾ...?
ਤੂੰ ਗੁੱਸੇ ਚ ਅੰਦਰੋਂ ਰੋ ਪੈਂਦਾ ਆ,
ਤੇਰੇ ਅੰਦਰ ਦੀ ਮੋਮ ਰੂਹ ,
ਮੈਨੂੰ ਵੀ ਪਿਘਲਾ ਦਿੰਦੀ ਆ,
ਤੂੰ ਕਹਿੰਦਾ ਆ ਨਾ...
ਕਿ ਤੂੰ ਕਿਸ ਮਿੱਟੀ ਦੀ ਬਣੀ ਆ,
ਪਰ ਤੂੰ ਸੱਚ ਜਾਣੀ ,
ਮੇਰਾ ਹਿਰਦਾ ਵੀ ਵਲੁੰਦਰਦਾ ਆ,
ਜਦ ਤੇਰਾ ਮੁਖੜਾ ਤੱਕ ਕੇ ,
ਮੇਰੀ ਕੀਤੀ ਸਾਦੀ ਜਿਹੀ ਕੋਰੀ ਨਾਂਹ ਮੇਰੇ ਅੱਗੇ ਆਣ ਖਲੋਂਦੀ ਆ।
ਤੂੰ ਆਪਣੇ ਨਾਮ ਵਾਂਗ ਹੀ ਆ,
ਇਕ ਅਨਹਦ ਨਾਦ ਆ।
ਕਦੇ ਸੋਚ ਕੇ ਦੇਖੀਂ,
ਮੇਰੀ ਰੂਹ ਕੀ ਤੈਨੂੰ ਸਮਝਦੀ ਨਹੀਂ ?
ਤੇਰੀ ਕਹੀ ਇੱਕ ਇੱਕ ਗੱਲ ਨੂੰ ਵੀ ਚੁੱਪੀ ਚ ਸੁਣ ਲੈਂਦੀ ਆ,
ਸ਼ਾਇਦ ਇਸਦਾ ਜਵਾਬ ਤੂੰ ਵੀ ਜਾਣਦਾ ,
ਕਿ ਮੈਂ ਅਕਸਰ ਹੀ ਕਿਉੰ ਚੁੱਪ ਹੋ ਸੁਣ ਲੈਂਦੀ ਆ।
ਪਰ ਤੂੰ ਰੋਇਆ ਨਾ ਕਰ,
ਤੇਰੀ ਖੱਬੀ ਗੱਲ ਦਾ ਤਿਲ ,
ਹੰਝੂਆਂ ਨਾਲ ਭਿੱਜਣ ਤੇ,
ਸੋਹਣਾ ਨਹੀਂ ਲੱਗਦਾ।
ਤਸਬੀ
©tasbi
Continue with Social Accounts
Facebook Googleor already have account Login Here