ਨੌਵੇਂ ਪਾਤਸ਼ਾਹ ਦੀ ਸ਼ਹੀਦੀ*
---------------------------------
ਰਾਤ ਬੀਤੀ ਦਿਨ ਚੜ੍ਹ ਗਿਆ ਅੱਜ ਕਹਿਰਾਂ ਵਾਲਾ,
ਸੂਰਜ ਖੂਨੀ ਨਿਕਲਿਆ ਮਹਾਂ ਬਿਕਰਾਲਾ,
ਕੀਤਾ ਵੇਸ ਆਕਾਸ਼ ਨੇ ਫਿਰ ਕਾਲਾ ਕਾਲਾ,
ਧੌਲ ਧਰਮ ਤੋਂ ਡੋਲਿਆ ਆਇਆ ਭੂਚਾਲਾ ।
ਸ੍ਰੀ ਸਤਿਗੁਰੂ ਇਸ਼ਨਾਨ ਕਰ ਲਿਵ ਪ੍ਰਭੂ ਵਿੱਚ ਲਾਈ,
ਜਪੁਜੀ ਸਾਹਿਬ ਉਚਾਰਿਆ ਵਿੱਚ ਸੀਤਲਾਈ,
ਪਾਠ ਮੁਕਾਏ ਅਕਾਲ ਦਾ ਜਦ ਧੌਨ ਝੁਕਾਈ,
ਕਾਤਲ ਨੇ ਉਸ ਵੇਲੜੇ ਤਲਵਾਰ ਚਲਾਈ ।
ਕੰਬਣ ਲਗੀ ਧਰਤੀ ਨ ਦੁੱਖ ਸਹਾਰੇ,
ਸਿਆਹੀ ਵਰਤੀ ਗਗਨ ਤੇ ਅਰ ਟੁੱਟੇ ਤਾਰੇ,
ਅੰਧ ਹਨੇਰੀ ਝੂਲਦੀ ਦਿੱਲੀ ਵਿਚਕਾਰੇ,
ਮਾਤਮ ਸਾਰੇ ਵਰਤਿਆ ਇਸ ਦੁੱਖ ਦੇ ਮਾਰੇ।
ਧਰਤੀ ਹਿੱਕਾਂ ਪਾਟੀਆਂ ਛਾਇਆ ਅੰਧਿਆਰਾ,
ਅੱਖਾਂ ਵਿੱਚੋਂ ਨਿਕਲੀ ਲਹੂ ਦੀ ਧਾਰਾ,
ਹੋ ਗਿਆ ਸੰਸਾਰ ਵਿੱਚ ਵੱਡ ਹਾਹਾਕਾਰਾ,
ਹੋਇਆ ਵਿੱਚ ਬ੍ਰਹਿਮੰਡਾ ਦੇ ਜੈ ਜੈ ਜੈਕਾਰਾ।
ਹਿੰਦੂ ਧਰਮ ਨੂੰ ਰੱਖ ਲਿਆ ਹੋ ਕੇ ਕੁਰਬਾਨ ,
ਸ਼ਹੀਦੀ ਦੇ ਕੇ ਆਪਣੀ ਰੱਖੀ ਸਿੱਖੀ ਦੀ ਆਨ ,
ਪਾਈ ਮਰਦਾ ਕੌਮ ਵਿੱਚ ਫਿਰ ਤੋਂ ਜਿੰਦ ਜਾਨ ,
ਗੁਰੂ ਨਾਨਾਕ ਦਾ ਬੂਟੜਾ ਚੜਿਆ ਪਰਵਾਨ ।
ਭਾਬੀ ਜੈਤਾ ਪਿਆਰੇ ਸਿੱਖ ਨੇ ਜਾ ਸੀਸ ਉਠਾਇਆ ,
ਲੈਕੇ ਵਿੱਚ ਬੁੱਕਲ ਦੇ ਉਸਨੇ, ਆਨੰਦਰਪੁਰ ਸਾਹਿਬ ਪਹੁੰਚਾਇਆ ,
ਧੜ੍ ਗੁਰਾਂ ਦਾ ਚੁੱਕਿਆ ਲੱਖੀ ਸ਼ਾਹ ਵਣਜਾਰੇ ,
ਕੀਤਾ ਸੰਸਕਾਰ ਗੁਰਾਂ ਦਾ ਛੁੱਪ ਕੇ ਘਰ ਆਪਣਾ ਸਾੜੇ ।
ਸਿਰ ਤਲੀ ਤੇ ਰੱਖ ਕੇ ਸਿੱਖੀ ਸਿਦਕ ਕਮਾਇਆ ।
ਸਤਿਗੁਰੂ ਰੱਛਕ ਹਿੰਦ ਦੇ ਕੀਤਾ ਉਪਕਾਰ ,
ਸਾਕਾ ਹੋਇਆ ਕਲੂ ਵਿੱਚ ਸਿਰ ਦਿੱਤਾ ਵਾਰ ,
ਦਿੱਲੀ ਦੇ ਵਿੱਚ ਗੁਰੂ ਜੀ ਦੀ ਹੈ ਯਾਦਗਾਰ ,
ਸੀਸਗੰਜ ਰਕਾਬ ਗੰਜ ਲਗਦੇ ਨੇ ਅੱਜ ਵੀ ਦਰਬਾਰ ।
ਸੀਸਗੰਜ ਰਕਾਬ ਗੰਜ ਲਗਦੇ ਨੇ ਅੱਜ ਵੀ ਦਰਬਾਰ ...।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
#ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ#